ਦਿੱਲੀ ਵਿਚ ਪੱਤਰਕਾਰਤਾ ਦਾ ਕੋਰਸ ਕਰਦੀ ਇਕ ਨੌਜਵਾਨ ਕੁੜੀ ਨੇ ਫੂਲਨ ਦੇਵੀ ਨਾਲ ਜ਼ੇਲ੍ਹ ਵਿਚ ਮੁਲਾਕਾਤਾਂ ਕਰਕੇ ਕਿਤਾਬ ਲਿੱਖਣ ਲਈ ਸਮੱਗਰੀ ਇਕੱਠੀ ਕਰ ਲਿੱਤੀ। ਅਣਜਾਣ ਕੁੜੀ ਸੀ, ਕਦੇ ਕਿਤਾਬ ਲਿੱਖੀ ਨਹੀਂ ਸੀ। ਉਹਨੇ ਲੰਡਨ ਦੇ ਪ੍ਰਕਾਸ਼ਕ ਨੂੰ ਸੰਪਰਕ ਕਰਕੇ ਦੱਸਿਆ ਕਿ ਮੈਂ ਇਸ ਵਿਸ਼ੇ ‘ਤੇ ਕਿਤਾਬ ਲਿੱਖਣਾ ਚਾਹੁੰਦੀ ਹਾਂ ਕੀ ਤੁਸੀਂ ਛਾਪੋਂਗੇ? ਪ੍ਰਕਾਸ਼ਕ ਨੂੰ ਪਤਾ ਸੀ ਕਿ ਇਹ ਚੀਜ਼ ਵਿਕੇਗੀ। ਉਹਨੇ ਚੁੱਕ ਕੇ ਆਪਣੇ ਲੇਖਕ ਰੌਏ ਮੈਕਸਿਮ ਨੂੰ ਸਾਰੀ ਗੱਲ ਦੱਸੀ। ਰੌਏ ਮੈਕਸਿਮ ਨੇ ਕੁੜੀ ਨਾਲ ਸੰਪਰਕ ਕਰਕੇ ਉਹਨੂੰ ਪੈਸੇ ਦਿੱਤੇ ‘ਤੇ ਉਸ ਤੋਂ ਕਿਤਾਬ ਦਾ ਖਰੜਾ ਖਰੀਦ ਕੇ ਉਸ ਵਿਚ ਥੋੜ੍ਹੀ ਬਹੁਤ ਸੋਧ ਕੀਤੀ ‘ਤੇ ਫੂਲਨ ਦੇਵੀ ਦੀ ਜੀਵਨੀ ਆਪਣੇ ਨਾਂ ਹੇਠ ਛਪਵਾਉਣ ਲਈ ਭੇਜੀ। ਰੌਏ ਨੂੰ ਰਿਚਹਰਡ ਸ਼ੀਰਜ਼ ਅਤੇ ਇਜ਼ਬਲ ਗਿਡਲੀ ਨੇ ਪੈਸੇ ਦੇ ਕੇ ਆਪਣੇ ਨਾਮ ਹੇਠ ਕਿਤਾਬ ਛਪਵਾ ਲਿੱਤੀ। ਉਸ ਪੱਤਰਕਾਰ ਕੁੜੀ ਨੇ ਉਹ ਕਿਤਾਬ ਜਗਮੋਹਣ ਮੁੰਦਰਾਂ ਨੂੰ ਗਿਫਟ ਕੀਤੀ ਤਾਂ ਕਿ ਉਸ ਨੂੰ ਚੰਗੀ ਲੱਗੇ ਤਾਂ ਉਹ ਫਿਲਮ ਬਣਾ ਲਵੇ ਤੇ ਉਹ ਕੁੜੀ ਦਾ ਨਾਮ ਸਕਰਿਪਟ ਰਾਇਟਰ ਵਜੋਂ ਸਾਹਮਣੇ ਆ ਸਕੇ। ਉਸ ਵੇਲੇ ਜਗਮੋਹਣ ਦੇ ਦਫਤਰ ਵਿਚ ਸ਼ੇਖਰ ਕਪੂਰ ਵੀ ਬੈਠਾ ਸੀ। ਜਗਮੋਹਨ ਨੇ ਕਿਤਾਬ ਫਰੋਲ ਕੇ ਕਿਹਾ ਕਿ ਵਧੀਆ ਫਿਲਮ ਬਣ ਸਕਦੀ ਹੈ। ਉਹੀ ਕਿਤਾਬ ਜਦੋਂ ਸ਼ੇਖਰ ਕਪੂਰ ਨੇ ਪੜ੍ਹੀ ਤਾਂ ਉਹਨੂੰ ਲੱਗਿਆ ਮੇਨਸਟਰੀਮ ਸਿਨਮੇ ਤੋਂ ਪੈਸੇ ਕਮਾਏ ਜਾ ਸਕਦੇ ਨੇ। ਸ਼ੇਖਰ ਕਪੂਰ ਨੇ ਕਿਤਾਬ ਦੇ ਹੱਕ ਖਰੀਦ ਕੇ ਆਪਣੇ ਸਕਰਿਪ ਰਾਇਟਰ ਨੂੰ ਕਿਹਾ ਸਕਰਿਪਟ ਲਿੱਖ ਤਰਥੱਲੀ ਮੱਚਣੀ ਚਾਹੀਦੀ ਹੈ। ਵਿਵਾਦਪੂਰਨ ਗੱਲਾਂ ਲਿੱਖੀ ਤੇ ਨਾਲ ਉਹਨਾਂ ਦਾ ਜੁਆਬ ਵੀ ਘੜ ਕੇ ਮੈਨੂੰ ਦੱਸੀ। ਕੁਝ ਕਿਤਾਬ ਚੋਂ ਚੁੱਕ ਤੇ ਕੁਝ ਕੋਲੋ ਮਸਾਲਾ ਲਾ ਦੇਵੀਂ। ਫਿਲਮ ਅਜੇ ਅੱਧੀ ਬਣੀ ਸੀ ਤੇ ਸ਼ੇਖਰ ਕਪੂਰ ਲੰਡਨ ਇਕ ਪਾਰਟੀ ਵਿਚ ਬੈਠਾ ਫਿਲਮ ਡਿਸਟੀਬਿਉਟਰ ਤੇ ਚੈਨਲ ਫੋਰ ਦੇ ਬੋਰਡ ਮੈਂਬਰ ਨਾਲ ਦਾਰੂ ਪੀਂਦਾ ਆਪਣੀ ਫਿਲਮ ਬਾਰੇ ਦੱਸ ਰਿਹਾ ਸੀ। ਅਗਲੇ ਦਿਨ ਸ਼ੇਖਰ ਕਪੂਰ ਨੂੰ ਚੈਨਲ ਫੋਰ ਨੇ ਮੂੰਹ ਮੰਗੇ ਪੈਸੇ ਦਿੱਤੇ ਤੇ ਫਿਲਮ ਨੂੰ ਜ਼ਿਆਦਾ ਵਿਵਾਦਪੂਰਨ ਬਣਾਉਣ ਲਈ ਕਿਹਾ। ਫਿਲਮ ਪੂਰੀ ਬਣਨ ਤੋਂ ਪਹਿਲਾਂ ਵਿੱਕ ਚੁੱਕੀ ਸੀ। ਫਿਲਮ ਤਿਆਰ ਕਰਕੇ ਜਦੋਂ ਸ਼ੇਖਰ ਕਪੂਰ ਨੇ ਰੱਫ ਪ੍ਰਿੰਟ ਚੈਨਲ ਫੋਰ ਨੂੰ ਭੇਜੇ ਤਾਂ ਉਸ ਵਿਚ ਇਕ ਸੀਨ ਸੀ। ਜਦੋਂ ਫੂਲਨ ਦੇਵੀ ਯਾਨੀ ਅਦਾਕਾਰਾਂ ਸੀਮਾ ਵਿਸਵਾਸ ਵਿਕਰਮ ਮੱਲਾ ਨੂੰ ਗੋਲੀ ਦਾ ਇਲਾਜ ਕਰਨ ਲਈ ਲੈ ਕੇ ਗਈ ਹੁੰਦੀ ਹੈ ਤਾਂ ਬੈੱਡ ‘ਤੇ ਸੈਕਸ ਸੀਨ ਹੁੰਦਾ ਜੋ ਫੇਡ ਕਰਕੇ ਦਿਖਾਇਆ ਗਿਆ ਹੁੰਦਾ ਹੈ। ਚੈਨਲ ਫੋਰ ਵਾਲੇ ਕਹਿੰਦੇ ਇਸ ਨਾਲੋਂ ਜ਼ਿਆਦਾ ਸੈਕਸ ਤਾਂ ਅਸੀਂ ਆਪਣੇ ਡਰਾਮਿਆਂ ਵਿਚ ਦਿਖਾ ਦਿੰਦੇ ਹਾਂ। ਸੈਂਸਰ ਬੋਰਡ ਨੇ ਤਾਂ ਅੱਖਾਂ ਮੀਚ ਕੇ ਇਸਨੂੰ ਪਾਸ ਕਰ ਦੇਣਾ ਹੈ। ਸ਼ੇਖਰ ਕਪੂਰ ਨੇ ਦੁਬਾਰਾ ਸੈਕਸ ਸੀਨ ਸ਼ੂਟ ਕੀਤਾ ਤੇ ਉਹ ਵੀ ਆਉਟਡੋਰ ਤੇ ਸਭ ਕੁਝ ਫੁਲਨ ਦੇਵੀ ਨੂੰ ਆਪ ਭਾਰੂ ਕੇ ਕਰਦੇ ਦਿਖਾਇਆ। ਫਿਲਮ ਵਿਚ ਇਕ ਹੋਰ ਸੀਨ ਆਉਂਦਾ ਹੈ, ਜਦੋਂ 20 ਠਾਕੁਰ ਫੂਲਨ ਦੇਵੀ ਦਾ ਬਲਾਤਕਾਰ ਕਰਦੇ ਹਨ। ਪੂਰੇ ਪੰਜ ਮਿੰਟ ਦਾ ਸੀਨ ਸੀ ਇਹ ਤੇ ਬਲਾਤਕਾਰ ਤੋਂ ਬਾਅਦ ਸੀਮਾ ਵਿਸਵਾਸ ਅਲਫ ਨਗਨ ਉੱਠ ਕੇ ਤੁਰਦੀ ਹੈ। ਚੈਨਲ ਫੋਰ ਨੂੰ ਲੱਗਿਆ ਕਿ ਪੰਜ ਮਿੰਟ ਦਾ ਸੀਨ ਹੋਣ ਕਰਕੇ ਉਸਦਾ ਪ੍ਰਭਾਵ ਘੱਟ ਜਾਂਦਾ ਹੈ। ਉਹਨਾਂ ਨੇ ਕੱਟ ਕੇ ਸਾਢੇ ਤਿੰਨ ਮਿੰਟ ਦਾ ਕਰ ਦਿੱਤਾ। ਫਿਲਮ ਇੰਗਲੈਂਡ ਦੇ ਸੈਸਰ ਬੋਰਡ ਕੋਲ ਗਈ। ਸੈਂਸਰ ਬੋਰਡ ਨੇ ਕਿਹਾ ਫਿਲਮ ਬਹੁਤ ਖੂਬਸੂਰਤ ਬਣੀ ਹੈ, ਪਰ ਇਕ ਰੇਪ ਵਾਲਾ ਸੀਨ ਕੱਟ ਦੇਵੋ। ਇਹ ਸੀਨ ਬਲਾਤਕਾਰ ਦੇ ਜ਼ੁਰਮ ਨੂੰ ਉਤਸ਼ਾਹਿਤ ਕਰਦਾ ਹੈ। ਨਹੀਂ ਤੁਹਾਡੇ ਕੋਲ ਸਾਡੇ ਫੈਸਲੇ ਖਿਲਾਫ ਇਤਰਾਜ਼ ਕਰਨ ਲਈ 90 ਦਿਨ ਦਾ ਸਮਾਂ ਹੈ। 90 ਦਿਨ ਫਿਲਮ ਬੈਨ ਕਰ ਦਿੱਤੀ ਗਈ ਸੀ। ਸਕਰਿਪਟ ਲਿੱਖਣ ਵਾਲੇ ਲੇਖਕ ਨੂੰ ਇਸ ਦਾ ਪਤਾ ਸੀ ਤੇ ਉਸਨੇ ਜੁਆਬ ਸ਼ੇਖਰ ਕਪੂਰ ਨੂੰ ਦੱਸਿਆ ਹੋਇਆ ਸੀ। ਚੈਨਲ ਫੋਰ ਚਾਹੁੰਦਾ ਤਾਂ ਮੌਕੇ ‘ਤੇ ਉਹੀ ਜੁਆਬ ਦੇ ਸਕਦਾ ਸੀ। ਪਰ ਉਹਨਾਂ ਨੇ ਜਾਣ ਕੇ ਕੁੱਝ ਨਹੀਂ ਕੀਤਾ ਤੇ ਨਾ ਹੀ 89 ਦਿਨਾਂ ਤੱਕ ਅਪੀਲ ਕੀਤੀ। ਹਾਲਾਂਕਿ ਉਹ ਅਗਲੇ ਦਿਨ ਹੀ ਅਪੀਲ ਦਾਇਰ ਕਰ ਸਕਦੇ ਸੀ। ਹੁਣ ਉਹਨਾਂ ਨੇ ਵੀ ਪੈਸੇ ਕਮਾਉਣੇ ਸਨ। ਚੈਨਲ ਫੋਰ ਨੇ ਦੋ ਘੰਟੇ ਦਾ ਪ੍ਰੋਗਰਾਮ ਕੀਤਾ ਤੇ ਅਖਬਾਰਾਂ ਵਿਚ ਖਬਰਾਂ ਛਪਵਾਈਆਂ ਕਿ ਉਹਨਾਂ ਨਾਲ ਸੈਂਸਰ ਬੋਰਡ ਨੇ ਧੱਕਾ ਕੀਤਾ ਹੈ, ਫਿਲਮ ਸੱਚੀ ਕਹਾਣੀ ਤੇ ਅਧਾਰਤ ਹੈ ਤੇ ਉਸ ਵਿਚ ਸੱਚ ਦਿਖਾਇਆ ਗਿਆ ਹੈ। ਇਹਨਾਂ 89 ਦਿਨਾਂ ਵਿਚ ਉਹਨਾਂ ਨੇ ਫਿਲਮ ਦਾ ਐਨਾ ਕੁ ਪ੍ਰਚਾਰ ਕਰ ਲਿਆ ਸੀ ਕਿ ਲੋਕ ਉਹਨਾਂ ਦੇ ਹੱਕ ਵਿਚ ਖੜ੍ਹੇ ਹੋ ਗਏ ਤੇ ਸੈਂਸਰ ਬੋਰਡ ਨੂੰ ਗਾਲ੍ਹਾਂ ਕੱਢਣ ਲੱਗੇ। ਜਿਹੜਾ ਡੇਢ ਮਿੰਟ ਦਾ ਰੇਪ ਸੀਨ ਉਹਨਾਂ ਨੇ ਕੱਟਿਆ ਸੀ, ਉਸਦਾ ਪ੍ਰੋਮੋ ਬਣਾ ਕੇ ਉਹ ਦਿਖਾਉਂਦੇ ਰਹੇ। ਇੰਗਲੈਂਡ ਦੀ ਜਨਤਾ ਵਿਚ ਫਿਲਮ ਲਈ ਉਤਸੁਕਤਾ ਪੈਦਾ ਹੋ ਗਈ। 89ਵੇਂ ਦਿਨ ਅਪੀਲ ਵਿਚ ਚੈਨਲ ਫੋਰ ਜੁਆਬ ਦਿੰਦਾ ਹੈ ਕਿ ਫਿਲਮ ਵਿਚ ਇਕ ਮਿੰਟ ਦਾ ਸੈਕਸ ਸੀਨ ਹੈ, ਸੈਂਸਰ ਬੋਰਡ ਨੇ ਉਸਦਾ ਇਤਰਾਜ਼ ਨਹੀਂ ਕੀਤਾ। ਉਹ ਕਬੂਲ ਹੈ ਕਿਉਂਕਿ ਅੰਗਰੇਜ਼ੀ ਫਿਲਮਾਂ ਵਿਚ ਉਸ ਨਾਲੋਂ ਵੀ ਵੱਧ ਦਿਖਾਇਆ ਗਿਆ ਹੁੰਦਾ ਹੈ। ਰੇਪ ਸੀਨ ਬਾਰੇ ਉਹਨਾਂ ਨੇ ਲੇਖਕ ਦੀ ਦਿੱਤੀ ਹੋਈ ਦਲੀਲ ਪੇਸ਼ ਕਰਦਿਆਂ ਕਿਹਾ ਕਿ ਉਹ ਸੀਨ ਫਿਲਮ ਵਿਚੋਂ ਕੱਢਿਆ ਨਹੀਂ ਜਾ ਸਕਦਾ ਕਿਉਂਕਿ ਉਸ ਵਿਚ ਇਕ ਦਲਿਤ ਔਰਤ ਉੱਤੇ ਹੁੰਦਾ ਅਤਿਅਤਚਾਰ ਦਿਖਾਇਆ ਤੇ ਇਹ ਸਿੱਧ ਕੀਤਾ ਹੈ ਕਿ ਇਸ ਕਦਰ ਜ਼ੁਲਮ ਸਹਿਣ ਕਰਨ ਉਪਰੰਤ ਮਜ਼ਬੂਰ ਹੋ ਕੇ ਉਸਨੂੰ ਹਥਿਆਰ ਚੁੱਕ ਕੇ ਡਾਕੂ ਬਣਨਾ ਪਿਆ ਸੀ। ਸੈਂਸਰ ਬੋਰਡ ਅਤੇ ਟ੍ਰਿਬਿਉਨਲ ਕੋਲ ਇਸ ਦਾ ਜੁਆਬ ਨਹੀਂ ਸੀ ਤੇ ਉਹਨਾਂ ਨੇ ਫਿਲਮ ਨੂੰ ਹਰੀ ਝੰਡੀ ਦੇ ਦਿੱਤੀ। ਐਨੀ ਕੁ ਖੇਡ ਖੇਡਣ ਨਾਲ ਚੂਨਲ ਫੋਰ ਨੇ ਫਿਲਮ ਲਈ ਖਰਚ ਕੀਤੇ ਪੌਂਡਾਂ ਤੋਂ ਦੱਸ ਗੁਣਾ ਵੱਧ ਕਮਾਈ ਕੀਤੀ। ਚੈਨਲ ਫੋਰ ਦੇ ਮੀਟਿੰਗ ਰੂਮ ਵਿਚ ਰਚੇ ਗਏ ਇਸ ਡਰਾਮੇ ਬਾਰੇ ਕਿਸੇ ਆਮ ਜਾਂ ਖਾਸ ਬੰਦੇ ਨੂੰ ਨਹੀਂ ਪਤਾ।